ਸ਼ੀਰ ਖੁਰਮਾ ਬਣਾਉਣ ਦਾ ਤਰੀਕਾ How to make Sheer Khurma
ਤਿਉਹਾਰਾਂ 'ਤੇ ਕਈ ਕਿਸਮ ਦੇ ਪਕਵਾਨ ਬਣਾਏ ਜਾਂਦੇ ਨੇ। ਜਿਨ੍ਹਾਂ 'ਚੋਂ ਕੁਝ ਨਮਕੀਨ ਅਤੇ ਕੁਝ ਮਿੱਠੇ ਹੁੰਦੇ ਨੇ। ਮਿੱਠੇ ਪਕਵਾਨਾਂ 'ਚੋਂ ਇੱਕ ਵਿਸ਼ੇਸ਼ ਰੈਸੀਪੀ ਹੈ। ਸ਼ੀਰ ਖੁਰਮਾ, ਜੋ ਕਿ ਬਹੁਤ ਹੀ ਸੁਆਦੀ ਲੱਗਦਾ ਹੈ। ਸ਼ੀਰ ਖੁਰਮਾ ਇੱਕ ਬਹੁਤ ਹੀ ਸੁਆਦੀ ਪਕਵਾਨ ਹੈ ਜੋ ਕਿ ਦੁੱਧ, ਮੇਵੇ ਅਤੇ ਸੇਵਈਆਂ ਤੋਂ ਬਣਦਾ ਹੈ। ਈਦ ਮੁਬਾਰਕ ਦੇ ਮੌਕੇ 'ਤੇ ਜਾਂ ਫਿਰ ਰਮਜ਼ਾਨ ਦੇ ਦਿਨਾਂ 'ਚ ਵੀ ਇਸਨੂੰ ਇਫਤਾਰ ਵਜੋਂ ਬਣਾਇਆ ਜਾਂਦਾ ਹੈ। ਤੁਸੀਂ ਵੀ ਇਸਨੂੰ ਬਣਾ ਕੇ ਦੇਖੋ। ਜੇਕਰ ਤੁਸੀਂ ਇੱਕ ਵਾਰ ਇਸਨੂੰ ਖਾ ਲਓਗੇ ਤਾਂ ਇਹ ਤੁਹਾਨੂੰ ਵੀ ਬਹੁਤ ਪਸੰਦ ਆਵੇਗਾ। ਤਾਂ ਆਓ ਜਾਣਦੇ ਹਾਂ ਸ਼ੀਰ ਖੁਰਮਾ ਬਣਾਉਣ ਦਾ ਤਰੀਕਾ।
ਜ਼ਰੂਰੀ ਸਮੱਗਰੀ Necessary ingredients
ਦੁੱਧ = ਦੋ ਲਿਟਰ
ਸੇਵਈਆਂ = 200 ਗ੍ਰਾਮ
ਸ਼ੱਕਰ = ਦੋ ਕੱਪ
ਕਾਜੂ = ਇੱਕ ਵੱਡਾ ਚਮਚਾ
ਪਿਸਤਾ = ਇੱਕ ਵੱਡਾ ਚਮਚਾ
ਕੇਸਰ = ਇੱਕ ਚੁਟਕੀ
ਬਾਦਮ = ਇੱਕ ਵੱਡਾ ਚਮਚਾ
ਘਿਓ = ਇੱਕ ਵੱਡਾ ਚਮਚਾ
ਛੋਟੀ ਇਲਾਇਚੀ ਪਾਊਡਰ = 6 ਗਿਣਤੀ
ਬਣਾਉਣ ਦੀ ਵਿਧੀ Recipe
ਸ਼ੀਰ ਖੁਰਮਾ ਬਣਾਉਣ ਲਈ ਪਹਿਲਾਂ ਇੱਕ ਨਾਨ-ਸਟਿੱਕ ਪੈਨ 'ਚ ਘਿਓ ਗਰਮ ਕਰੋ ਅਤੇ ਘਿਓ ਗਰਮ ਹੋਣ 'ਤੇ ਉਸ 'ਚੋਂ ਸੇਵਈਆਂ ਨੂੰ ਬਾਰੀਕ ਕਰਕੇ ਪਾ ਦਿਓ ਅਤੇ ਹਲਕੀ ਅੱਗ 'ਤੇ 10 ਮਿੰਟ ਤੱਕ ਬਰਾਬਰ ਹਿਲਾਉਂਦੇ ਹੋਏ ਭੁਨੋ। ਜਦੋਂ ਸੇਵਈਆਂ ਹਲਕੀ ਭੂਰੀ ਹੋ ਜਾਣ ਤਾਂ ਅੱਗ ਬੰਦ ਕਰ ਦਿਓ ਅਤੇ ਸੇਵਈਆਂ ਨੂੰ ਉਤਾਰ ਕੇ ਰੱਖ ਦਿਓ। ਹੁਣ ਇੱਕ ਭਾਂਡੇ 'ਚ ਦੁੱਧ ਗਰਮ ਕਰੋ ਅਤੇ ਜਦੋਂ ਦੁੱਧ ਗਰਮ ਹੋ ਜਾਵੇ ਤਾਂ ਇਸ 'ਚ ਇਲਾਇਚੀ ਅਤੇ ਕੇਸਰ ਪਾ ਦਿਓ ਅਤੇ ਦੁੱਧ ਨੂੰ ਹਿਲਾਉਂਦੇ ਹੋਏ ਪਕਾਓ।
ਜਦੋਂ ਦੁੱਧ ਪੱਕ ਕੇ ਅੱਧਾ ਰਹਿ ਜਾਵੇ ਤਾਂ ਇਸ 'ਚ ਸ਼ੱਕਰ ਪਾ ਦਿਓ ਅਤੇ ਸ਼ੱਕਰ ਘੁਲਣ ਤੱਕ ਪਕਾਓ। ਜਦੋਂ ਸ਼ੱਕਰ ਘੁਲ ਜਾਵੇ ਤਾਂ ਫਿਰ ਦੁੱਧ 'ਚ ਸੇਵਈਆਂ ਅਤੇ ਅੱਧੇ ਮੇਵੇ ਪਾ ਦਿਓ ਅਤੇ 10 ਮਿੰਟ ਤੱਕ ਪਕਾਉਣ ਤੋਂ ਬਾਅਦ ਅੱਗ ਬੰਦ ਕਰ ਦਿਓ। ਹੁਣ ਤੁਹਾਡਾ ਸ਼ੀਰ ਖੁਰਮਾ ਤਿਆਰ ਹੈ। ਇਸਨੂੰ ਸਰਵਿੰਗ ਬਾਊਲ 'ਚ ਕੱਢੋ ਅਤੇ ਉੱਪਰੋਂ ਕੱਟੇ ਹੋਏ ਮੇਵਿਆਂ ਨਾਲ ਗਾਰਨਿਸ਼ ਕਰਕੇ ਪਰੋਸੋ।